ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਹਿ......
ਇਸ ਗਰੁੱਪ ਵਿੱਚ ਆਉਣ ਵਾਲੇ ਸਾਰੇ ਮੈਂਬਰਾਂ ਨੂੰ ਜੀ ਆਇਆਂ ਆਖਦੇ ਹਾਂ।
‘ਸਿੱਖ ਵੀ ਨਿਗਲਿਆ ਗਿਆ’, ਇਹ ਇੱਕ ਹਲੂਣਾ ਹੈ ਕੌਮ ਨੂੰ ਕਿ ਜਿੰਨ੍ਹਾਂ ਕਰਮਕਾਂਡਾ ‘ਤੇ ਅੰਧਵਿਸ਼ਵਾਸ਼ਾਂ ਵਿੱਚੋਂ ਗੁਰੂ ਨਾਨਕ ਸਾਹਿਬ ਨੇ ਲੋਕਾਂ ਨੂੰ ਬਾਹਰ ਕੱਢਿਆ ਸੀ, ਸਮਾਜ ਫਿਰ ਉਹਨਾਂ ਵਿੱਚ ਧਸ ਗਿਆ ਹੈ। ‘ਸਿੱਖਾਂ’ ਨੂੰ ਜਿੰਨ੍ਹਾਂ ਕੰਮਾਂ ਦੀ ਮਨਾਹੀ ਹੈ, ਉਹੀ ਕੰਮ ਪੂਰੇ ਜ਼ੋਰ ਨਾਲ ਹੋ ਰਹੇ ਹਨ। ‘ਨਿਗਲੇ ਜਾਣ’ ਮਤਲਬ ਕਿ ‘ਖਾਧਾ ਗਿਆ’ ਭਾਵ ਕਿ ਕਿਸੇ ਹੋਰ ਵਿੱਚ ਲੁਪਤ ਹੋ ਗਿਆ, ਗੁਆਚ ਗਿਆ, ਰੁਹਾਨੀਅਤ ਖਤਮ ਹੋ ਗਈ। ਦੇਹਧਾਰੀ ਬਾਬਿਆਂ ਦੀ ਪੂਜਾ, ਸ਼ਨੀ ਪੂਜਾ, ਵਰਤ, ਸ਼ਰਾਧ, ਮਹੂਰਤ, ਸੂਤਕ-ਪਾਤਕ, ਜਾਦੂ-ਟੂਣੇ, ਕਬਰਾਂ ‘ਤੇ ਮੱਥੇ ਟੇਕਣੇ, ਮੜ੍ਹੀਆਂ ‘ਤੇ ਦੀਵੇ ਜਗਾਉਣੇ, ਸੁੱਚ-ਭਿੱਟ, ਜ਼ਾਤ-ਪਾਤ...ਆਦਿ ਕੀ ਇਹ ਸਭ ਬਿਪਰਵਾਦ ਦੇ ਅਜਗਰ ਵੱਲੋਂ ‘ਨਿਗਲੇ ਜਾਣ’ ਦੀਆਂ ਨਿਸ਼ਾਨੀਆਂ ਨਹੀਂ ਹਨ...?
ਅਸੀਂ ਆਧੁਨਿਕ ਤਕਨੀਕ ਦੇ ਸਹਾਰੇ ਕੌਮ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਸਿਧਾਂਤ ਦੇ ਪ੍ਰਚਾਰ ਅਤੇ ਪਾਖੰਡ ਦੇ ਵਿਰੋਧ ਲਈ ਇਹ ਗਰੁੱਪ ਬਣਾਇਆ ਹੈ ਤਾਂ ਜੋ ਕੌਮ ਇਹ ਸਮਝ ਸਕੇ ਕਿ ‘ਅਸੀਂ ਨਿਗਲੇ ਗਏ ਹਾਂ’, ਕੰਮ ਸਾਰੇ ਕਰਮਕਾਂਡ ਦੇ ਹੋ ਰਹੇ ਹਨ ਪਰ ਮੰਨਣ ਲਈ ਕੋਈ ਤਿਆਰ ਨਹੀਂ ਕਿਉਂਕਿ ‘ਕਸਵੱਟੀ’ ਬਾਰੇ ਬਹੁਤਿਆਂ ਨੂੰ ਪਤਾ ਨਹੀਂ ਕਿ ਸਹੀ-ਗਲਤ ਕਿਵੇਂ ਜਾਂਚੀਏ? ਅਸੀਂ ਕੋਸ਼ਿਸ਼ ਕੀਤੀ ਹੈ ਆਪਣੀ ਸਮਰੱਥਾ ਮੁਤਾਬਿਕ ਕਿ ਗੁਰਮਤਿ ਦੀ ਕਸਵੱਟੀ ਬਾਰੇ ਵੱਧ ਤੋਂ ਵੱਧ ਲੋਕਾਂ ਨੂੰ ਜਾਣੂ ਕਰਵਾ ਸਕੀਏ। ‘ਸਿੱਖ ਵੀ ਨਿਗਲਿਆ ਗਿਆ’ ਨਾਮ ਰੱਖਣ ਦਾ ਮਕਸਦ ਕੌਮ ਦੀ ਖਿੱਲੀ ਉਡਾਉਣਾ ਨਹੀਂ ਬਲਕਿ ਇਹ ਅਹਿਸਾਸ ਕਰਵਾਉਣਾ ਹੈ ਕਿ ਅਸੀਂ ਕਿੰਨੇ ਗਲਤ ਹੋ ਚੁੱਕੇ ਹਾਂ, ਕਰਮਕਾਂਡ ਵਿੱਚ ਕਿੰਨਾ ਧਸ ਚੁੱਕੇ ਹਾਂ, ਸਾਨੂੰ ਉਮੀਦ ਹੈ ਕਿ ਇਸ ਕਾਰਜ ਵਿੱਚ ਹਰ ਪੰਥ ਦਰਦੀ ਸਹਿਯੋਗ ਦੇਵੇਗਾ।
ਇਸ ਗਰੁੱਪ ਦਾ ਮੁੱਖ ਮਕਸਦ ਸੰਗਤ ਨੂੰ ਸਿੱਖੀ ਵਿੱਚ ਫੈਲ ਰਹੇ ਕਰਮਕਾਂਡਾਂ ਅਤੇ ਡੇਰਾਵਾਦ ਤੋਂ ਜਾਣੂ ਕਰਵਾਉਣ ਦੇ ਨਾਲ-ਨਾਲ ਗੁਰੂ ਗ੍ਰੰਥ ਸਾਹਿਬ ਦੇ ਸਿਧਾਂਤ ਨੂੰ ਪ੍ਰਚਾਰਨਾ ਵੀ ਹੈ, 'ਇੱਕ ਗ੍ਰੰਥ ਅਤੇ ਇੱਕ ਪੰਥ' ਦੇ ਸਿਧਾਂਤ ਨੂ ਦ੍ਰਿੜ ਕਰਵਾਉਣਾ ਅਤੇ ਗੁਰੂ ਦੀ ਗੱਲ ਨੂੰ ਘਰ-ਘਰ ਪਹੁੰਚਾਉਣਾ ਹੈ। ਇਸ ਗਰੁੱਪ ਦਾ ਕਿਸੇ ਵੀ ਰਾਜਨੀਤਕ ਜਥੇਬੰਦੀ ਨਾਲ ਕੋਈ ਸੰਬੰਧ ਨਹੀਂ ਹੈ।
ਜ਼ਰੂਰੀ ਬੇਨਤੀ: ਕੋਈ ਵੀ ਸੁਝਾਅ ਜਾਂ ਸ਼ਿਕਾਇਤ ਤੁਸੀਂ ਪ੍ਰਬੰਧਕਾਂ ਨੂੰ ਮੈਸੇਜ਼ ਵਿੱਚ ਭੇਜ ਸਕਦੇ ਹੋ, ਕਿਸੇ ਵੀ ਤਰ੍ਹਾਂ ਦੇ ਨਿੱਜੀ ਮਸਲੇ ਨੂੰ ਜਨਤਕ ਕਰਨ ਤੋਂ ਗੁਰੇਜ਼ ਕੀਤਾ ਜਾਵੇ ਕਿਉਂਕਿ ਕਈ ਬਾਰ ਬਾਕੀਆਂ ਨੂੰ ਗੱਲ ਦਾ ਪੂਰਾ ਪਤਾ ਨਾ ਹੋਣ ਦੀ ਹਾਲਤ ਵਿੱਚ ਗੱਲ ਹੋਰ ਰੂਪ ਧਾਰਨ ਕਰ ਜਾਂਦੀ ਹੈ, ਉਮੀਦ ਹੈ ਸਾਰੇ ਸਹਿਯੋਗ ਦੇਣਗੇ।
ਆਪ ਸਭ ਦੇ ਹਾਂ-ਪੱਖੀ ਹੁੰਗਾਰੇ ਦੀ ਉਮੀਦ ਵਿੱਚ,
ਪ੍ਰਬੰਧਕ ਕਮੇਟੀ,
ਸਿੱਖ ਵੀ ਨਿਗਲਿਆ ਗਿਆ।.